Writings

ਮੈਂ ਕਿਸ-ਕਿਸ ਦਾ ਧੰਨਵਾਦ ਕਰਾਂ – ਕਵੀਸ਼ਰ ਜੋਗਾ ਸਿੰਘ ਜੋਗੀ

ਮੈਂ ਕਿਸੇ ਕਵੀ ਦੇ ਤੁਲ ਨਹੀਂ,
ਮੈਂ ਖੋਜ ਖੋਜ ਕੇ ਲਿਖਣਾ ਕੀ ।
ਤਖਤੇ ‘ਤੇ ਊੜਾ ਪਾਉਂਦਾ ਹਾਂ,
ਮੈਂ ਵੇਦ ਸ਼ਾਸਤਰੋਂ ਸਿੱਖਣਾ ਕੀ ।
ਮੈਂ ਸਭ ਕਵੀਆਂ ਤੋਂ ਊਣਾ ਹਾਂ,
ਘੋਟੇ ਲਾ ਗੱਲਾਂ ਯਾਦ ਕਰਾਂ।
ਮੈਂ ਕਿਸੇ ਕਵੀ ਦੇ ਤੁਲ ਨਹੀਂ,
ਮੈਂ ਕਿਸ-ਕਿਸ ਦਾ ਧੰਨਵਾਦ ਕਰਾਂ ।
ਫੱਤੂ ਭੀਲੇ ਵਾਲਾ ਕਵੀਸ਼ਰ,
ਤੇ ਕਰਤਾਰ ਮੇਰੇ ਨਾਲ ਗੌਂਦੇ ਰਹੇ ।
ਮੇਰੇ ਬਣ ਰਹੇ ਵੱਡੇ ਵੀਰੇ ਉਹ,
ਤੇ ਹਰ ਥਾਂ ਭਾਰ ਵੰਡਾਉਂਦੇ ਰਹੇ ।
ਮੈਨੂੰ ਗੋਹਝ ਦੀ ਗੱਲ ਤੇ ਆਉਦੀ ਨਹੀਂ,
ਮੈਂ ਕਿਸੇ ਕਵੀ ਦੇ ਤੁਲ ਨਹੀਂ,
ਮੈਂ ਕਿਸ-ਕਿਸ ਦਾ ਧੰਨਵਾਦ ਕਰਾਂ ।
ਗੰਡਿਵਿੰਡ ਦੇ ਬਲੀ ਕਵੀਸ਼ਰ ਨੇ,
ਜਿਵੇਂ ਸੋਚਿਆ ਆਹਰੇ ਲਾ ਦਿੱਤਾ ।
ਤੇ ਕੀਤੀਆ ਮਿਹਰਾਂ ਈਸਵਰ ਨੇ,
ਜਿਸ ਮਰਜ਼ੀ ਰਾਹੇ ਪਾ ਦਿਤਾ।
ਮੈਂ ਤੁਲ ਨਹੀਂ ਵਿਦਵਾਨਾਂ ਦੇ,
ਪਰ ਦੱਸੋ ਕਿਵੇਂ ਸਵਾਦ ਕਰਾਂ।
ਮੈਂ ਕਿਸੇ ਕਵੀ ਦੇ ਤੁਲ ਨਹੀਂ,
ਮੈਂ ਕਿਸ-ਕਿਸ ਦਾ ਧੰਨਵਾਦ ਕਰਾਂ ।
ਧੰਨਵਾਦ ‘ਸਰੂਪ’ ‘ਜਗੀਰ’ ਦਾ,
‘ਦਰਸ਼ਨ’ ਨੂੰ ਕਿਵੇਂ ਭੁਲਾਵਾਂ ਮੈਂ ।
‘ਗੁਰਮੁਖ’ ਤੇ ‘ਸੁਖੇ’ ਬੇਟੇ ਨੂੰ
ਕਿਉਂ ਸੀਨੇ ਨਾਲ ਨਾ ਲਾਵਾਂ ਮੈਂ ।
‘ਜੋਗੀ ਸਿਆਂ’ ਸਿਖਿਆ ਮਰਦਾਂ ਦੀ,
ਜੀ ਭੁੱਲ ਕੇ ਨਾ ਅਪਰਾਧ ਕਰਾਂ
ਮੈਂ ਦਾਸ ਹਾਂ ਸਾਰੇ ਲੋਕਾਂ ਦਾ,
ਮੈਂ ਕਿਸ-ਕਿਸ ਦਾ ਧੰਨਵਾਦ ਕਰਾਂ ।
Back to top button