ਕਵੀਸ਼ਰੀ ‘ਸ਼ਬਦ’ ਤੇ ‘ਸੁਰ’ ਦੀ ਖੇਡ ਹੈ
ਵੱਖ-ਵੱਖ ਧਰਮਾਂ ਦੇ ਫਿਲਾਸਫਰਾਂ ਅਨੁਸਾਰ ਇਹ ਸਾਰੀ ਸ੍ਰਿਸ਼ਟੀ ਇਕ ਆਵਾਜ਼, ਇਕ ਧੁਨੀ ਤੌ ਪੈਦਾ ਹੋਈ ਹੈ, ਜਦੋਂ ਮਨੁੱਖ ਇਕ ਸੁਰ ਹੋ ਕੇ ਪ੍ਰਮਾਤਮਾ ਨਾਲ ਜੁੜਦਾ ਹੇ, ਉਹਦੇ ਮੁੱਖ ‘ਚੋ ਇਕ ਧੁਨੀ ਪੈਦਾ ਹੁੰਦੀ ਹੈ, ਉਹ ਧੁਨੀ ਵੀ ਇਕ ਕਵੀਸ਼ਰੀ ਹੈ। ਸੋ ਕਿਹਾ ਜਾ ਸਕਦਾ ਹੇ ਕਿ ਜਦੋਂ ਤੋਂ ਇਹ ਸੰਸਾਰ ਬਣੀਆ ਹੈ, ਕਵੀਸ਼ਰੀ ਉਦੋਂ ਤੋਂ ਹੀ ਸ਼ੁਰੂ ਹੋਈ ਹੈ। ਭਾਈ ਗੁਰਦਾਸ ਜੀ ਦਾ ਵੀ ਕਥਨ ਹੈ “ਕਿਤੜੇ ਲਖ ਕਵੀਸਰਾਂ, ਬ੍ਰਹਮ ਭਾਟ ਬ੍ਰਹਮਾੳ ਬਖੋਏ”। ਕਵੀਸ਼ਰੀ ਸ਼ਬਦ ਤੇ ਸੁਰ ਦੀ ਖੇਡ ਹੈ। ਗਾਇਨ-ਸ਼ੈਲੀ ਇਸ ਦਾ ਕੰਠ ਅਤੇ ਨਾਦ ਇਸ ਦੀ ਬਾਣੀ, ਛੰਦ ਇਸ ਦਾ ਸਰੀਰ ਅਤੇ ਰਸ ਆਤਮਾ ਹੈ । ਕਥਾ ਰੀੜ ਦੀ ਹੱਡੀ ਵਾਂਗ ਲਚਕੀਲੀ, ਅਟੁੱਟ ਤੇ ਸਖਤ ਹੁੰਦੀ ਹੈ । ਕਾਵਿ-ਬਿੰਬ ਗਿਆਨ ਇੰਦਰੀਆ, ਲੋਕ ਮੁਹਾਵਰੇ ਇਸ ਦਾ ਰੰਗ-ਰੂਪ ਅਤੇ ਅਖਾੜਾ (ਸਟੇਜ) ਰੰਗ ਭੁਮੀ ਹੈ। ਕਵੀਸ਼ਰੀ ਦਰਬਾਰ ਕਵੀਸ਼ਰੀ ਠਾਠ ਹਨ । ਵਿਦਵਾਨਾਂ ਨੇ ਕਵੀਸ਼ਰੀ ਸ਼ਬਦ ਨੂੰ ਇਉਂ ਵੀ ਖੋਲ੍ਹਿੳ ਹੈ : ਕਵੀ+ਸ਼ਵਰ-ਕਵੀ+ਈਸ਼ਵਰ ਜਿਵੇਂ ਗਿਆਨੇਸ਼ਵਰ-ਗਿਆਨ+ਈਸ਼ਵਰ, ਗੁਪਤੇਸ਼ਵਰ-ਗੁਪਤ+ਈਸ਼ਵਰ । ਕੁਝ ਲੋਕ ਕਵੀਸ਼ਰ ਨੂੰ ਕਵੀ+ਸ਼ਾਇਰ ਵੀ ਲਿਖਦੇ ਹਨ, ਰਚਨਾਕਾਰ ਅਤੇ ਗਾਉਨ ਵਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਵੀਸ਼ਰਾਂ ਨੂੰ ਵੱਡੇ-ਵੱਡੇ ਇਨਾਮ ਦੇ ਕੇ ਨਿਵਾਜਿਆ ਗਿਆ ਹੈ।
ਕਵੀਸ਼ਰੀ ਇਕ ਸੁਤੰਤਰ ਕਾਵਿ ਰੂਪ ਹੈ,ਜਿਸ ਦਾ ਘੇਰਾ ਕਿੱਸਾ-ਕਾਵਿ ਨਾਲੋਂ ਬਹੁਤ ਵਿਸ਼ਾਲ ਹੈ। ਕਵੀਸ਼ਰੀ ਦੇ ਨੌਲੱਖੇ ਹਾਰ ਦਾ ਸੂਤਰ ਛੰਦ ਹੈ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਗ ਦੇ ਸੂਤਰ ਵਿਚ ਬੱਧੇ ਹੋਏ ਹਨ ਅਤੇ ਦਸਮ ਗ੍ਰੰਥ ਛੰਦ ਦੇ ਸੂਤਰ ਵਿਚ । ਇਵੇਂ ਕਵੀਸ਼ਰੀ ਛੰਦਾਂ ਦੀਆਂ ਵੱਖ-ਵੱਖ ਵੰਨਗੀਆ ਪੇਸ਼ ਕਰਦੀ ਹੈ- -
ਫੱਬਣ ਪਏ ਆਸਣ ਤੇ, ਗੁਰੂ ਦਸਮੇਸ਼, ਸ਼ਾਹੀ ਦਰਵੇਸ਼,
ਮੱਥੇ ‘ਤੇ ਡਲ੍ਹਕ, ਨੂਰਾਨੀ ਝਲਕ,
ਤੇਜ ਜਿਉ ਭਾਨ ਮਾਰਦਾ ਚਮਕਾਂ ,
ਸਿਰ ਕਲਗੀ ਸੋਹਦੀ ਪਈ, ਹੀਰਿਆਂ ਜੜੀ , ਮੋਤੀਆਂ ਮੜੀ,
ਨੈਣਾ ਮੇ ਮਸਤੀ, ਅਗੰਮੀ ਹਸਤੀ, ਸੋਹਣ ਸੁਲਤਾਨ, ਮਾਰਦੇ ਚਮਕਾਂ”।
ਕਵੀਸ਼ਰੀ ਨੂੰ ਕਿਸੇ ਇਕ ਇਲਾਕੇ ਨਾਲ ਬੰਨ੍ਹਿਆ ਨਹੀਂ ਜਾ ਸਕਦਾ, ਪਰ ਅਸੀਂ ਮਾਝੇ ਦੇ ਕਵੀਸ਼ਰਾਂ ਦੀ ਹੀ ਗੱਲ ਕਰ ਰਹੇ ਹਾਂ, ਜਿਸ ਦੇ ਜਨਮ ਦਾਤਾ ਬਾਪੂ ਬਲੀ ਸਿੰਘ ਗੰਡੀਵਿੰਡ ਤੋਂ ਇਲਾਵਾ ਕਵੀਸ਼ਰ ਗੁਰਦਿਆਲ ਸਿੰਘ ਮੁੰਡਾਪਿੰਡ, ਪੰਡਿਤ ਮੋਹਣ ਸਿੰਘ , ਜਰਨੈਲ ਸਿੰਘ ‘ਸਭਰਾ’ ਇਸ ਕਵੀਸ਼ਰੀ ਦਾ ਮਾਣ ਹਨ, ਪਰ ਸੰਸਾਰ ਵਿਚ ਸਭ ਤੋਂ ਵੱਧ ਹਰਮਨ ਪਿਆਰੀ ਕਵੀਸਰੀ ਬਣਾਉਣ ਵਾਲੇ ਕਵੀਸ਼ਰੀ ਦੇ ਪਾਰਸ ਜੋਗਾ ਸਿੰਘ ਜੋਗੀ ਹਨ, ਜਿਨ੍ਹਾਂ ਦੇ ਸਾਥੀਆਂ ਤੇ ਸ਼ਾਗਿਰਦਾਂ ਨੇ ਕਵੀਸ਼ਰੀ ਨੂੰ ਲੋਕ ਦਿਲਾਂ ਦੀ ਧੜਕਣ ਬਣਾਇਆ ਹੈ, ਉਹ ਹਨ ਗੁਰਮੁਖ ਸਿੰਘ ‘ਜੌਹਲ’, ਦਲਬੀਰ ਸਿੰਘ ਗਿੱਲ, ਸਰਦਾਰਾ ਸਿੰਘ ਸ਼ੌਕੀ, ਸਰੂਪ ਸਿੰਘ ਸੂਰਵਿੰਡ, ਜਗੀਰ ਸਿੰਘ ‘ਮਸਤ’, ਬਲਦੇਵ ਸਿੰਘ ਬੈਂਕਾ ਅਤੇ ਚੰਨ-ਮੋਹਣ ਦੀ ਸਰਵ-ਸ੍ਰੇਸ਼ਟ ਜੋੜੀ ਜਿਨ੍ਹਾ ਨੇ ਕਵੀਸ਼੍ਰਰੀ ਨੂੰ ਫਰਸ਼ ਤੋਂ ਚੁੱਕ ਕੇ ਅਰਸ਼ਾਂ ਵਿਚ ਉਡਾਇਆ ਹੈ।