Writings

ਕੋਈ ਦੂਰ ਦੀ ਗੱਲ ਨਹੀਂ, ਦੇਸ ਅੰਦਰ – ਗਿਆਨੀ ਸੋਹਣ ਸਿੰਘ ਸੀਤਲ

ਕੋਈ ਦੂਰ ਦੀ ਗੱਲ ਨਹੀਂ, ਦੇਸ ਅੰਦਰ,
ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ।
ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ,
ਤਾਜ ਤਖ਼ਤ ਵਾਲੇ,ਅਣਖ-ਆਣ ਵਾਲੇ।
ਸਾਡੇ ਸਿਰਾਂ ‘ਤੇ ਕਲ਼ਗੀਆਂ ਸੁਹੰਦੀਆਂ ਸਨ,
ਸਾਨੂੰ ਨਿਉਂਦੇ ਸਨ ਕਈ ਗੁਮਾਨ ਵਾਲੇ।
ਸਾਡੇ ਖ਼ਾਲਸਈ ਕੌਮੀ ਨਿਸ਼ਾਨ ਅੱਗੇ,
ਪਾਣੀ ਭਰਦੇ ਸਨ ਕਈ ਨਿਸ਼ਾਨ ਵਾਲੇ।
ਸਾਡੀ ਚਮਕਦੀ ਤੇਗ਼ ਦੀ ਧਾਰ ਅੱਗੇ,
ਭੇਟਾ ਧਰਦੇ ਸਨ ਕਾਬਲ,ਇਰਾਨ ਵਾਲੇ।
ਬਿਨਾਂ ਪੁੱਛਿਆਂ ਏਧਰ ਨਾ ਝਾਕਦੇ ਸਨ,
ਸਾਡੇ ਸਿਰਾਂ ‘ਤੇ ਹੁਕਮ ਚਲਾਨ ਵਾਲੇ।
ਕੌਣ ਜਾਣਦਾ ਸੀ ? ਰੁਲਦੇ ਫਿਰਨਗੇ ਇਹ,
ਆਪਣੇ ਤਾਜ ਵਿੱਚ ਹੀਰੇ ਹੰਡਾਣ ਵਾਲੇ।
‘ਸੀਤਲ’ ਹਾਲ ਫਕੀਰਾਂ ਦੇ ਨਜ਼ਰ ਆਉਂਦੇ,
ਤਾਜ,ਤਖ਼ਤ,ਨਿਸ਼ਾਨ,ਕਿਰਪਾਨ ਵਾਲੇ।
~ਗਿਆਨੀ ਸੋਹਣ ਸਿੰਘ ਸੀਤਲ
Back to top button